ਬਰਨਾਲਾ ਵਿੱਚ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਹਮਲਾਵਰਾਂ ਨੇ ਇੱਕ ਵਿਅਕਤੀ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਿ ਕਾਫ਼ੀ ਡਰਾਉਣੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਮਲਾਵਰਾਂ ਤੋਂ ਬਚਣ ਲਈ ਵਿਅਕਤੀ ਪੁਲਿਸ ਦੀ ਗੱਡੀ ਵਿੱਚ ਦਾਖਲ ਹੁੰਦਾ ਹੈ, ਪਰ ਹਮਲਾਵਰ ਲਗਾਤਾਰ ਹਮਲਾ ਕਰ ਰਹੇ ਹਨ। ਹਮਲਾਵਰਾਂ ਦੀ ਭੀੜ ਨੇ ਪੁਲਿਸ ਦੇ ਸਾਹਮਣੇ ਵਿਅਕਤੀ ਨੂੰ ਵੱਢ ਦਿੱਤਾ। ਘਟਨਾ ਥਾਣਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਦੀ ਹੈ। ਵਿਅਕਤੀ ਦੀ ਪਤਨੀ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਇੱਕ ਤੋਂ ਬਾਅਦ ਇੱਕ ਕਈ ਵਾਰ ਹਮਲਾ ਕੀਤਾ।
ਪੁਲਿਸ ਜ਼ਿਲ੍ਹਾ ਬਰਨਾਲਾ ਦੇ ਥਾਣਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਵਿੱਚ ਭੀੜ ਨੇ ਅੰਮ੍ਰਿਤਧਾਰੀ ਨੌਜਵਾਨ ਸਤਪਾਲ ਸਿੰਘ ਨੂੰ ਪੁਲਿਸ ਦੀ ਗੱਡੀ ਤੋਂ ਖਿੱਚ ਲਿਆ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਉੱਥੇ ਮੌਜੂਦ ਹਥਿਆਰਬੰਦ ਪੁਲਿਸ ਵਾਲੇ ਮੂਕ ਦਰਸ਼ਕ ਬਣ ਕੇ ਇਹ ਸਭ ਦੇਖਦੇ ਰਹੇ। ਪੀੜਤ ਦੀ ਪਤਨੀ ਲੋਕਾਂ ਤੋਂ ਮਿੰਨਤਾਂ ਕਰਦੀ ਰਹੀ, ਪਰ ਲੋਕ ਲਗਾਤਾਰ ਹਮਲਾ ਕਰਦੇ ਰਹੇ। ਜ਼ਖਮੀ ਨੌਜਵਾਨ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਮਾਮਲਾ ਆਪਸੀ ਝਗੜੇ ਦਾ ਹੈ। ਪੁਲਿਸ ਨੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਵੀਡੀਓ ਖੰਗਾਲੀ ਜਾ ਰਹੀ ਹੈ।