ਬਰਨਾਲਾ ਸ਼ਹਿਰ ਵਿੱਚ ਟਰੈਫਿਕ ਵਿਵਸਥਾ ਦਾ ਬੁਰਾ ਹਾਲ ਹੈ. ਤਿਉਹਾਰਾਂ ਦੇ ਚਲਦੇ ਬਾਜ਼ਾਰਾਂ ਵਿੱਚ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਆਵਾਜਾਹੀ ਵਧੀ ਹੋਈ ਹੈ. ਟਰੈਫਿਕ ਵਿੱਚ ਕਈ ਲੋਕ ਬਹੁਤ ਹੀ ਕਸੂਤੇ ਢੰਗ ਨਾਲ ਵਾਹਨ ਚਲਾਉਂਦੇ ਹਨ ਤੇ ਰਹੀ ਸਹੀ ਕਸਰ ਗਲਤ ਢੰਗ ਨਾਲ ਪਾਰਕ ਕੀਤੀਆਂ ਹੋਈਆਂ ਗੱਡੀਆਂ ਪੂਰੀ ਕਰ ਦਿੰਦੀਆਂ ਹਨ. ਜਿਹਦਾ ਜਿੱਥੇ ਜੀ ਕਰਦਾ ਹੈ ਗੱਡੀ ਪਾਰਕ ਕਰਕੇ ਆਪਣੇ ਕੰਮ ਕਰਨ ਤੁਰ ਜਾਂਦਾ ਹੈ. ਕਈ ਵਾਰ ਦੇਖਣ ਚ ਆਉਂਦਾ ਹੈ ਕਿ ਛੋਟੀਆਂ ਗਲੀਆਂ ਦੇ ਮੋੜ ਤੇ ਗੱਡੀਆਂ ਮੋਟਰਸਾਈਕਲ ਖੜੇ ਕਰਕੇ ਲੋਕ ਅਪਣਾ ਕੰਮ ਕਰਨ ਚਲੇ ਜਾਂਦੇ ਹਨ ਜਿਸ ਦੇ ਨਾਲ ਗਲੀ ਚੋਂ ਨਿਕਲਦੇ ਵਾਹਨਾਂ ਨੂੰ ਮੁੱਖ ਸੜਕ ਤੇ ਚੜਦਿਆਂ ਦੂਜੇ ਪਾਸਿਓਂ ਆਉਂਦਾ ਵਾਹਨ ਦਿਖਾਈ ਹੀ ਨਹੀਂ ਦਿੰਦਾ ਜੋ ਕਿ ਕਈ ਵਾਰ ਐਕਸੀਡੈਂਟ ਦਾ ਵੀ ਕਾਰਨ ਬਣਦਾ ਹੈ. ਇਸ ਤੋਂ ਇਲਾਵਾ ਇੱਕ ਸਕੂਟਰ ਜਾਂ ਮੋਟਰਸਾਈਕਲ ਤੇ ਤਿੰਨ ਤਿੰਨ ਜਣੇ ਆਮ ਵਿਖਾਈ ਦਿੰਦੇ ਹਨ. ਇਕ ਪਾਸੇ ਤਾਂ ਸਰਕਾਰ ਟਰੈਫਿਕ ਕਾਨੂੰਨਾਂ ਨੂੰ ਸਖਤ ਕਰ ਰਹੀ ਹੈ ਤੇ ਦੂਜੇ ਪਾਸੇ ਟਰਿਪਲੀ ਕਰਦੇ ਨੌਜਵਾਨ ਸ਼ਹਿਰ ਵਿੱਚ ਤੇਜ ਗਤੀ ਨਾਲ ਮੋਟਰਸਾਈਕਲ ਚਲਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ. ਸ਼ਹਿਰ ਦੀਆਂ ਮੁੱਖ ਸੜਕਾਂ ਤੇ ਅਕਸਰ ਹੀ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ. ਬਰਨਾਲਾ ਵਾਸੀਆਂ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਗਲਤ ਢੰਗ ਨਾਲ ਖੜੇ ਕੀਤੇ ਵਾਹਨਾ ਅਤੇ ਗਲਤ ਢੰਗ ਅਤੇ ਤੇਜ ਗਤੀ ਨਾਲ ਚਲਾਉਂਦੇ ਵਾਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕਾਂ ਤੇ ਆਵਾਜਾਹੀ ਸੁਖਾਲੀ ਹੋ ਸਕੇ.